Monday 7 March 2011

ਮੇਰੇ ਜਿਸਮ ਦੀ ਡਾਚੀ,

ਉਮਰਾਂ ਦੇ ਥਲ ਗੁਆਚੀ,

ਹੋਈ ਫਿਰੇ ਡੌਰ ਭੌਰੀ,

ਪਈ ਫੱਕਦੀ ਏ ਧੂੜਾਂ|

ਪਾ ਸਕੀਰੀ ਨਾਲ ਹਿਜਰੇ,

ਦੁੱਖਾਂ ਦੀ ਜੰਞ ਆਈ ,

ਮੈ ਦੁਲਹਨ ਓਹਦੀ ਹੋਈ ,

ਗ਼ਮਾਂ ਦਾ ਪਾ ਕੇ ਚੂੜਾ|

ਦੁਖ ਰਗੜੇ ਨੇ ਮਹਿੰਦੀ,

ਹੰਝੂਆਂ ਦਾ ਪਾ ਕੇ ਪਾਣੀ,

ਬਿਰਹੋਂ ਦੇ ਡੀਖੇ ਲਾਈ,

ਰੰਗ ਚੜ੍ਹਦਾ ਏ ਗੂੜ੍ਹਾ|

ਢੋ ਢੋ ਹਿਜਰਾਂ ਨੂੰ ਹੰਭੀ ,

ਥਲ ਜ਼ਿੰਦਗੀ ਦੇ ਆਈ,

ਚੜ੍ਹੇ ਬਿਰਹੋਂ ਦਾ ਵਰੋਲਾ,

ਅੱਖੀਂ ਦਰਦਾਂ ਦਾ ਧੂੜਾ |

ਕਿੱਥੇ ਜਾ ਜਾ ਮੱਥੇ ਟੇਕਾਂ?

ਕਿਸ ਝਾੜੂ ਨਾਲ ਹੂੰਝਾਂ ?

ਬੜਾ ਗਰਦੀ ਏ ਹੋਇਆ,

"ਪ੍ਰੀਤ " ਇਹ ਮਨ ਕੂੜਾ|

ਇੰਦਰਪੀ੍ਤ ਸਿੰਘ